Principal's Message

“ਅੰਤਰਿ ਹੋਇ ਗਿਆਨ ਪਰਗਾਸੁ ॥ ਉਸੁ ਅਸਥਾਨ ਕਾ ਨਹੀ ਬਿਨਾਸੁ ॥”

(ਅੰਦਰਲਾ ਗਿਆਨ ਨਸ਼ਟ ਨਹੀਂ ਕੀਤਾ ਜਾ ਸਕਦਾ।)
— ਗੁਰੂ ਅਰਜਨ ਦੇਵ ਜੀ

ਪ੍ਰਿੰਸੀਪਲ ਦੀ ਕਲਮ ਤੋਂ !

Principal Photo

ਪਿਆਰੇ ਵਿਦਿਆਰਥੀ ਅਤੇ ਸਤਿਕਾਰਯੋਗ ਮਾਪੇ,

ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ, ਤਲਵਾੜਾ (ਜੀ.ਸੀ.ਟੀ.) ਪਿਛਲੇ 40 ਸਾਲਾਂ ਤੋਂ ਇੱਕ ਵਧੀਆ ਅਤੇ ਅਨੁਸ਼ਾਸਿਤ ਮਾਹੌਲ ਵਿੱਚ, ਵਿਦਿਆਰਥੀਆਂ ਨੂੰ ਨਵੀਂ ਤਕਨੀਕ ਅਤੇ ਚੰਗੇ ਸੰਸਕਾਰਾਂ ਵਾਲੀ ਮਿਆਰੀ ਸਿੱਖਿਆ ਦੇਣ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਸਭ ਲਈ ਮਿਆਰੀ ਅਤੇ ਕਿਫਾਇਤੀ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੇ ਚੱਲਦਿਆਂ, ਜੀ.ਸੀ.ਟੀ. ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਅਤੇ ਇਸ ਦੇ ਆਸ-ਪਾਸ ਦੇ ਪਛੜੇ ਵਰਗਾਂ ਦੇ ਹਿਤੈਸ਼ੀ ਵਜੋਂ ਜਾਣਿਆ ਜਾਂਦਾ ਹੈ।

ਜੀ.ਸੀ.ਟੀ. ਅਤਿ ਆਧੁਨਿਕ ਆਈ.ਸੀ.ਟੀ. (ICT) ਸਮਰੱਥ ਲੈਕਚਰ ਕਮਰਿਆਂ, ਕੰਪਿਊਟਰ ਲੈਬਾਰਟਰੀ, ਸਾਇੰਸ ਲੈਬਾਰਟਰੀਆਂ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਬਨਸਪਤੀ ਵਿਗਿਆਨ), ਹੈਪੀਨੈਸ ਲੈਬ (ਯੋਗਾ ਰੂਮ), ਵਿਸ਼ਾਲ ਲਾਇਬ੍ਰੇਰੀ ਅਤੇ ਖੇਡ ਸਹੂਲਤਾਂ ਨਾਲ ਲੈਸ ਹੈ।

ਅਸੀਂ ਨਵੀਂ ਸਿੱਖਿਆ ਨੀਤੀ (NEP 2020) ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਹਿਊਮੈਨਿਟੀਜ਼, ਸੋਸ਼ਲ ਸਾਇੰਸਿਜ਼, ਕਾਮਰਸ, ਨੈਚੁਰਲ ਅਤੇ ਲਾਈਫ ਸਾਇੰਸਿਜ਼ ਦੇ ਰੈਗੂਲਰ ਕੋਰਸਾਂ ਦੇ ਨਾਲ ਨਾਲ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਛੋਟੀ ਮਿਆਦ ਵਾਲੇ ਵੱਖ ਵੱਖ ਹੁਨਰ ਵਿਕਾਸ ਕੋਰਸ ਵੀ ਕਰਵਾਉਂਦੇ ਹਾਂ।

ਸਾਡੀ ਸਮਰਪਿਤ ਅਤੇ ਉੱਚ ਯੋਗਤਾ ਪ੍ਰਾਪਤ ਫੈਕਲਟੀ, ਕਲਾਸਰੂਮ ਅਧਿਆਪਨ ਦੇ ਨਾਲ ਨਾਲ ਮਾਹਿਰਾਂ ਦੇ ਭਾਸ਼ਣਾਂ, ਸੈਮੀਨਾਰਾਂ, ਵਿਹਾਰਕ ਸਿੱਖਿਆ, ਇੰਟਰਨਸ਼ਿਪ, ਫੀਲਡ ਸਟੱਡੀਜ਼ ਅਤੇ ਲਘੂ ਪ੍ਰੋਜੈਕਟਾਂ ਦਾ ਇੱਕ ਸ਼ਾਨਦਾਰ ਸੁਮੇਲ ਯਕੀਨੀ ਬਣਾਉਂਦੀ ਹੈ, ਜੋ ਵਿਦਿਆਰਥੀਆਂ ਵਿੱਚ ਖੋਜ ਦੀ ਭਾਵਨਾ ਅਤੇ ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਦਾ ਹੈ। 2025 ਦੀ ਨੈਕ ਮਾਨਤਾ ਸਾਡੀ ਉਸ ਅਕਾਦਮਿਕ ਉੱਤਮਤਾ ਨੂੰ ਸਵੀਕਾਰ ਕਰਦੀ ਹੈ, ਜਿਸ ਨੂੰ ਅਸੀਂ ਲਗਾਤਾਰ ਬਰਕਰਾਰ ਰੱਖਿਆ ਹੋਇਆ ਹੈ।

ਵਿਦਿਆਰਥੀਆਂ ਨੂੰ ਵਾਤਾਵਰਣ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕ ਕਰਨ ਅਤੇ ‘ਜੀ.ਸੀ.ਟੀ. ਈਕੋ ਕਲੱਬ’ ਰਾਹੀਂ ਹਰਿਆਵਲ ਭਰਿਆ ਮਾਹੌਲ ਸਿਰਜਣ ਲਈ ਕੀਤੇ ਗਏ ਸਾਡੇ ਯਤਨਾਂ ਸਦਕਾ, ਕਾਲਜ ਨੂੰ ਸਾਲ 2026 ਵਿੱਚ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ ਇੰਡੀਆ (Registered with MSME, ਭਾਰਤ ਸਰਕਾਰ) ਵੱਲੋਂ ਪ੍ਰਤਿਸ਼ਠਿਤ “ਚੇਂਜ ਮੇਕਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸਦੇ ਨਾਲ ਹੀ, ਸਾਨੂੰ ਬੇਹੱਦ ਮਾਣ ਹੈ ਕਿ ਸਾਡੇ ਕਾਲਜ ਤੋਂ ਪੜ੍ਹੇ ਵਿਦਿਆਰਥੀ ਅੱਜ ਸਿੱਖਿਆ, ਖੋਜ, ਖੇਡਾਂ, ਪ੍ਰਸ਼ਾਸਨ (ਸਿਵਲ ਸੇਵਾਵਾਂ), ਫੌਜ ਅਤੇ ਕਾਰਪੋਰੇਟ ਸੈਕਟਰ ਵਿੱਚ ਉੱਚੇ ਅਹੁਦਿਆਂ ਉੱਤੇ ਬੈਠ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ।

ਸਾਡਾ ਦ੍ਰਿੜ ਵਿਸ਼ਵਾਸ਼ ਹੈ ਕਿ ਵਿੱਦਿਆ ਦਾ ਅਸਲ ਮਨੋਰਥ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਮੁਕੰਮਲ ਵਿਕਾਸ ਕਰਨਾ ਹੈ, ਜੋ ਕਿਤਾਬਾਂ ਅਤੇ ਕਲਾਸਰੂਮ ਦੀਆਂ ਹੱਦਾਂ ਤੋਂ ਕਿਤੇ ਵਿਸ਼ਾਲ ਹੈ। ਇਸੇ ਟੀਚੇ ਨੂੰ ਮੁੱਖ ਰੱਖਦਿਆਂ, ਕਾਲਜ ਇੱਕ ਅਜਿਹਾ ਬਿਹਤਰੀਨ ਮੰਚ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਜਿੱਥੇ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਹਿ ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਆਪਣੀ ਸਖਸ਼ੀਅਤ ਦਾ ਵਿਕਾਸ ਕਰ ਸਕਣ।

ਮੈਂ ਉਹਨਾਂ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਇੱਕ ਸ਼ਾਨਦਾਰ ਅਕਾਦਮਿਕ ਅਤੇ ਬੌਧਿਕ ਸਫ਼ਰ ਲਈ ਜੀ.ਸੀ.ਟੀ. ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ।

ਸ਼ੁੱਭ ਕਾਮਨਾਵਾਂ ਸਹਿਤ

ਡਾ. ਰਾਜੀਵ ਖੋਸਲਾ (ਪੀ.ਈ.ਐਸ. - I)

ਪ੍ਰਿੰਸੀਪਲ

Student Portal: Admissions and Fee Payments

All new and old students may login/apply to avail student centric services.